ਲਿਵ ਇਨ ਰਿਲੇਸ਼ਨ ਦੇ ਵੱਧ ਰਹੇ ਮਾਮਲੇ ਸਾਡੇ ਸਮਾਜ ਲਈ ਚਿੰਤਾਜਨਕ : ਰਾਜ ਲਾਲੀ ਗਿੱਲ !!
ਮੋਗਾ, 10 ਜੂਨ, (ਮੁਨੀਸ਼ ਜਿੰਦਲ) ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮੰਗਲਵਾਰ ਨੂੰ ਪੁਲਿਸ ਲਾਈਨ ਮੋਗਾ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਔਰਤਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਇਸ ਦੌਰਾਨ ਉਨ੍ਹਾਂ ਮੌਕੇ ‘ਤੇ ਹੀ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਅੱਜ ਦੀ ਇਸ ਲੋਕ ਅਦਾਲਤ ਵਿਚ ਕਮਿਸ਼ਨ ਵੱਲੋਂ ਕਰੀਬ 50 ਕੇਸਾਂ ਦੀ ਸੁਣਵਾਈ ਕੀਤੀ ਗਈ। ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਕਮਿਸ਼ਨ ਹਰੇਕ ਜ਼ਿਲ੍ਹੇ ਅੰਦਰ ਜਾ ਕੇ ਔਰਤਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਨੂੰ ਤਵੱਜੋਂ ਦੇ ਰਿਹਾ ਹੈ, ਕਿਉਂਕਿ ਕਈ ਪੀੜਤ ਮਹਿਲਾਵਾਂ ਮੋਹਾਲੀ ਵਿਖੇ ਕਮਿਸ਼ਨ ਤੱਕ ਆਪਣੀ ਪਹੁੰਚ ਨਹੀਂ ਕਰ ਪਾਉਂਦੀਆਂ, ਇਸ ਲਈ ਕਮਿਸ਼ਨ ਵੱਲੋਂ ਜ਼ਿਲ੍ਹਿਆਂ ਅੰਦਰ ਹੀ ਲੋਕ ਦਰਬਾਰ ਲਗਾ ਕੇ ਮੁਸ਼ਕਿਲਾਂ ਨੂੰ ਸੁਣਿਆ ਜਾਂਦਾ ਹੈ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੌਕੇ ‘ਤੇ ਹੀ ਨਿਪਟਾਰਾ ਹੋ ਸਕੇ। ਉਨ੍ਹਾਂ ਕਿਹਾ ਕਿ ਕਮਿਸ਼ਨ ਤੇ ਕੋਈ ਸਿਆਸੀ ਦਬਾਅ ਨਹੀਂ ਹੈ ਅਤੇ ਕਮਿਸ਼ਨ ਨਿਰਪੱਖ ਹੋ ਕੇ ਕੇਸਾਂ ਦੀ ਜਾਂਚ ਕਰਦਾ ਹੈ। ਰਾਜ ਲਾਲੀ ਗਿੱਲ ਨੇ ਕਿਹਾ ਕਿ ਲਿਵ ਇਨ ਰਿਲੇਸ਼ਨ ਦੇ ਵੱਧ ਰਹੇ ਮਾਮਲੇ ਸਾਡੇ ਸਮਾਜ ਲਈ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਮੁੰਡੇ ਕੁੜੀਆਂ ਤੇ ਇੱਥੋਂ ਤੱਕ ਕਿ ਕਈ ਵਿਆਹੇ ਹੋਏ ਮਰਦ ਤੇ ਔਰਤਾਂ ਵੀ ਲਿਵ ਇਨ ਰਿਲੇਸ਼ਨ ਦੀ ਇਸ ਬੁਰਾਈ ਵੱਲ ਧੱਕੇ ਜਾ ਰਹੇ ਹਨ ਜੋ ਕਿ ਸਾਡੇ ਸਮਾਜ ਨੂੰ ਸਿਊਂਕ ਵਾਂਗ ਖਾ ਰਹੀ ਹੈ, ਜਿਸ ਤੋਂ ਬਚਣ ਦੀ ਲੋੜ ਹੈ। ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਬਹੁਤੇ ਕੇਸਾਂ ਵਿੱਚ ਪੁਲਸ ਦੇ ਜਾਂਚ ਅਧਿਕਾਰੀਆਂ ਨੂੰ ਮੁੜ ਤੋਂ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਇਹ ਧਾਰਨਾ ਹੈ ਕਿ ਕਿਸੇ ਵੀ ਪੀੜਤ ਮਹਿਲਾ ਦੀ ਪੂਰੀ ਸੁਣਵਾਈ ਹੋਵੇ ਅਤੇ ਉਸਨੂੰ ਸਮਾਂਬੱਧ ਢੰਗ ਨਾਲ ਤਰਕਸੰਗਤ ਨਿਆਂ ਪ੍ਰਦਾਨ ਕੀਤਾ ਜਾਵੇ। ਉਹਨਾਂ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ ਕਰੀਬ 2800 ਤੋਂ ਵੱਧ ਮਾਮਲੇ ਸੁਣਵਾਈ ਲਈ ਆਏ, ਜਿਨ੍ਹਾਂ ਵਿੱਚੋਂ ਬਹੁਤੇ ਕੇਸਾਂ ਦਾ ਨਿਪਟਾਰਾ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵਿਆਹ ਸਬੰਧਾਂ, ਜਾਇਦਾਦ ਨਾਲ ਸਬੰਧਤ, ਐਨ.ਆਰ.ਆਈ. ਵਿਆਹ, ਦਾਜ ਦਹੇਜ, ਲੜਕੀਆਂ ਤੇ ਔਰਤਾਂ ਦਾ ਸੋਸ਼ਣ, ਲਿਵ ਇਨ ਰਿਲੇਸ਼ਨ, ਘਰੇਲੂ ਮਾਰਕੁੱਟ ਆਦਿ ਨਾਲ ਸਬੰਧਤ ਮਾਮਲੇ ਉਨ੍ਹਾਂ ਕੋਲ ਪੁੱਜੇ ਸਨ। ਰਾਜ ਲਾਲੀ ਗਿੱਲ ਨੇ ਕਿਹਾ ਕਿ ਮੌਜੂਦਾ ਸਮੇਂ ਛੋਟੀ ਛੋਟੀ ਗੱਲ ਬਰਦਾਸ਼ਤ ਨਾ ਕਰਨਾ ਅਤੇ ਸਹਿਣਸ਼ੀਲਤਾ ਘਟਣ ਕਰਕੇ ਪਰਿਵਾਰਾਂ ‘ਚ ਖਿੱਚੋਤਾਣ ਤੇ ਝਗੜੇ ਵੱਧ ਰਹੇ ਹਨ। ਇਸ ਤੋਂ ਬਾਅਦ ਚੇਅਰਪਰਸ਼ਨ ਨੇ ਪਿੰਡ ਧੱਲੇਕੇ ਤੇ ਘੱਲ ਕਲਾਂ ਪੱਤੀ ਮੇਹਰ ਦਾ ਦੌਰਾ ਕਰਕੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
